Breaking News
Home / India / ਮੁੰਬਈ ਵਿੱਚ ਓਮੀਕਰੋਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ; ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 23 ਹੋਈ

ਮੁੰਬਈ ਵਿੱਚ ਓਮੀਕਰੋਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ; ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 23 ਹੋਈ

ਮੁੰਬਈ, 6 ਦਸੰਬਰ – ਇਥੇ ਅੱਜ ਓਮੀਕਰੋਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਮਹਾਰਾਸ਼ਟਰ ਵਿਚ ਓਮੀਕਰੋਨ ਪੀੜਤਾਂ ਦੀ ਗਿਣਤੀ ਦਸ ਹੋ ਗਈ ਹੈ। ਇਨ੍ਹਾਂ ਦੋਵੇਂ ਕੇਸਾਂ ਨਾਲ ਦੇਸ਼ ਵਿਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 23 ਹੋ ਗਈ ਹੈ। ਮਹਾਰਾਸ਼ਟਰ ਸਰਕਾਰ ਨੇ ਦੱਸਿਆ ਕਿ ਇਥੇ 37 ਸਾਲ ਦੇ ਵਿਅਕਤੀ ਨੂੰ ਓਮੀਕਰੋਨ ਹੋਣ ਦੀ ਪੁਸ਼ਟੀ ਹੋਈ ਹੈ। ਉਹ 25 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਮੁੜਿਆ ਸੀ। ਦੂਜਾ ਕੇਸ ਅਮਰੀਕਾ ਤੋਂ ਆਈ 36 ਸਾਲਾ ਔਰਤ ਦਾ ਸਾਹਮਣੇ ਆਇਆ ਹੈ।

ਇਹ ਦੋਵੇਂ ਜਣੇ ਇਕ ਦੂਜੇ ਨੂੰ ਜਾਣਦੇ ਹਨ ਪਰ ਇਨ੍ਹਾਂ ਵਿਚ ਗੰਭੀਰ ਲੱਛਣ ਨਹੀਂ ਮਿਲੇ। ਇਹ ਦੋਵੇਂ ਫਾਈਜ਼ਰ ਦੀ ਡੋਜ਼ ਲਾਉਣ ਤੋਂ ਬਾਅਦ ਪਾਜ਼ੇਟਿਵ ਆਏ ਹਨ ਤੇ ਇਸ ਵੇਲੇ ਮੁੰਬਈ ਦੇ 7 ਹਿਲਜ਼ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਇਨ੍ਹਾਂ ਦੋਵਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰ ਲਈ ਗਈ ਹੈ।

ਆਈਆਈਟੀ ਵਿਗਿਆਨੀ ਮਨਿੰਦਰਾ ਅਗਰਵਾਲ ਨੇ ਕਿਹਾ ਹੈ ਕਿ ਭਾਰਤ ਵਿਚ ਓਮੀਕਰੋਨ ਸਾਰਸ ਕੋਵ-2 ਦੇ ਨਵੇਂ ਰੂਪ ਨਾਲ ਕਰੋਨਾਵਾਇਰਸ ਦੀ ਤੀਜੀ ਲਹਿਰ ਫਰਵਰੀ ਤੱਕ ਸਿਖਰ ’ਤੇ ਪਹੁੰਚ ਸਕਦੀ ਹੈ ਅਤੇ ਦੇਸ਼ ਵਿੱਚ ਇੱਕ ਦਿਨ ਵਿੱਚ ਲੱਖ ਤੋਂ ਡੇਢ ਲੱਖ ਤੱਕ ਕੇਸ ਪਹੁੰਚਣ ਦੀ ਸੰਭਾਵਨਾ ਹੈ ਪਰ ਇਹ ਕੇਸ ਦੂਜੀ ਲਹਿਰ ਨਾਲੋਂ ਹਲਕੇ ਹੋਣਗੇ। ਹਾਲੇ ਤਕ ਇਹੀ ਸਾਹਮਣੇ ਆਇਆ ਹੈ ਕਿ ਓਮੀਕਰੋਨ ਦਾ ਰੂਪ ਭਾਵੇਂ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਡੈਲਟਾ ਜਿੰਨਾ ਖਤਰਨਾਕ ਨਹੀਂ ਹੈ।