Breaking News
Home / Uncategorized / ਬੇਰੁਜ਼ਗਾਰ ਅਧਿਆਪਕਾਂ ਨੇ ਦਿਨ ਚੜ੍ਹਦੇ ਹੀ ਪਰਗਟ ਸਿੰਘ ਦੀ ਕੋਠੀ ਘੇਰੀ

ਬੇਰੁਜ਼ਗਾਰ ਅਧਿਆਪਕਾਂ ਨੇ ਦਿਨ ਚੜ੍ਹਦੇ ਹੀ ਪਰਗਟ ਸਿੰਘ ਦੀ ਕੋਠੀ ਘੇਰੀ

ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਨੇ ਅੱਜ ਸਵੇਰੇ 6 ਵਜੇ ਹੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਅੱਗੇ ਧਰਨਾ ਲਾ ਦਿੱਤਾ। ਪ੍ਰਦਰਸ਼ਨ ਕਰਨ ਵਾਲੇ ਇਹ ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੈਠ ਗਏ ਤੇ ਉਨ੍ਹਾਂ ਦੇ ਬਾਹਰ ਨਿਕਲਣ ਵਾਲਾ ਰਸਤਾ ਬੰਦ ਕਰ ਦਿੱਤਾ। ਪੁਲੀਸ ਵਾਲੇ ਵੀ ਹੱਕੇ-ਬੱਕੇ ਰਹਿ ਗਏ ਜਦੋਂ ਇਹ ਅਧਿਆਪਕ ਸਵੇਰੇ 6 ਵਜੇ ਆ ਕੇ ਧਰਨੇ ’ਤੇ ਬੈਠ ਗਏ। ਬਾਅਦ ਵਿਚ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਇਨ੍ਹਾਂ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ 5 ਦਸੰਬਰ ਨੂੰ ਉਨ੍ਹਾਂ ਨਾਲ ਮੀਟਿੰਗ ਕੀਤੀ ਜਾਵੇਗੀ।

ਇਸ ਭਰੋਸੇ ਤੋਂ ਬਾਅਦ ਹੀ ਇਨ੍ਹਾਂ ਬੇਰੁਜ਼ਗਾਰਾਂ ਨੇ ਆਪਣਾ ਪ੍ਰਦਰਸ਼ਨ ਸਮਾਪਤ ਕੀਤਾ ਤੇ ਬੀਐੱਸਐੱਫ ਚੌਕ ਵਿਚ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ 5 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਸਥਾਨਕ ਕੋਠੀ ਵਿਚ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਬੇਰੁਜ਼ਗਾਰਾਂ ਨੇ ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਕੋਠੀ ਅੱਗੇ ਪਹੁੰਚ ਕੇ ਨਾਅਰੇਬਾਜ਼ੀ ਸ਼ਰੂ ਕਰ ਦਿੱਤੀ। ਆਖਰ ਸਿੱਖਿਆ ਮੰਤਰੀ ਨੇ ਬੇਰੁਜ਼ਗਾਰ ਆਗੂਆਂ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਰਸ਼ਪਾਲ ਸਿੰਘ, ਹਰਜਿੰਦਰ ਕੌਰ ਗੋਲੀ, ਬਲਕਾਰ ਸਿੰਘ ਮਾਘਾਨੀਆ ਅਤੇ ਅਮਨਦੀਪ ਕੌਰ ਬਠਿੰਡਾ ਨੂੰ ਦਫਤਰ ਵਿੱਚ ਬੁਲਾ ਕੇ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ।

ਪਰਗਟ ਸਿੰਘ ਨੇ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ 10 ਦਸੰਬਰ ਤੱਕ ਪ੍ਰਵਾਨਤ 10880 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਦੀ ਪੂਰਨ ਜਾਣਕਾਰੀ ਲਈ ਜਲਦੀ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਉਪਰੰਤ ਬੇਰੁਜ਼ਗਾਰਾਂ ਨੇ ਕੋਠੀ ਦੇ ਗੇਟ ਤੋਂ ਚਲਦਾ ਧਰਨਾ ਸਮਾਪਤ ਕਰਕੇ ਮੰਗਾਂ ਦੀ ਪੂਰਤੀ ਤੱਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਅਤੇ ਹੇਠਾਂ ਚੱਲ ਰਹੇ ਪੱਕੇ ਮੋਰਚੇ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ।

ਇਸ ਮੌਕੇ ਬਲਰਾਜ ਸਿੰਘ ਫਰੀਦਕੋਟ, ਬਰਜਿੰਦਰ ਗਿਲਜੇਵਾਲਾ, ਰਸਨਦੀਪ ਸਿੰਘ ਰਿੰਕਾ ਝਾੜੋਂ, ਜਗਸੀਰ ਬਰਨਾਲਾ, ਗੁਰਪ੍ਰੀਤ ਸਿੰਘ ਖੇੜੀ ਕਲਾਂ, ਕੁਲਵੰਤ ਸਿੰਘ ਲੌਂਗੋਵਾਲ, ਹਰਦੀਪ ਕੌਰ ਭਦੌੜ, ਜਗਤਾਰ ਸਿੰਘ, ਗੁਰਜੀਤ ਕੌਰ ਸੰਗਰੂਰ, ਮਲਿਕਪ੍ਰੀਤ ਮਾਲੇਰਕੋਟਲਾ, ਹਰਦੀਪ ਕੌਰ ਮਾਲੇਰਕੋਟਲਾ, ਨਿਸ਼ੂ ਫਾਜ਼ਿਲਕਾ ਤੇ ਗੁਰਸ਼ਰਨ ਕੌਰ ਅਨੰਦਪੁਰ ਸਾਹਿਬ ਆਦਿ ਹਾਜ਼ਰ ਸਨ।