Breaking News
Home / Punjab / ਕਰੋਨਾਵਾਇਰਸ ਦਾ ਨਵਾਂ ਰੂਪ

ਕਰੋਨਾਵਾਇਰਸ ਦਾ ਨਵਾਂ ਰੂਪ

ਦੱਖਣੀ ਅਫ਼ਰੀਕਾ ਦੇ ਸਿਹਤ ਵਿਗਿਆਨੀਆਂ ਨੇ ਕਰੋਨਾਵਾਇਰਸ ਦਾ ਇਕ ਹੋਰ ਰੂਪ ਜਿਸ ਦਾ ਨਾਂ ਵਿਸ਼ਵ ਸਿਹਤ ਸੰਗਠਨ (World Health Organisation-ਡਬਲਿਊਐੱਚਓ) ਨੇ ਓਮੀਕਰੋਨ ਰੱਖਿਆ ਹੈ, ਦੀ ਸ਼ਨਾਖ਼ਤ ਕੀਤੀ ਹੈ। ਇਹ ਰੂਪ ਬੋਸਤਵਾਨਾ ਆਸਟਰੇਲੀਆ, ਜਰਮਨੀ, ਇਟਲੀ, ਬੈਲਜੀਅਮ, ਚੈੱਕ ਗਣਰਾਜ, ਇਜ਼ਰਾਈਲ, ਇੰਗਲੈਂਡ ਆਦਿ ਦੇ ਮਰੀਜ਼ਾਂ ਵਿਚ ਪਾਇਆ ਗਿਆ ਹੈ। ਇਸ ਰੂਪ ਦੇ ਸਾਹਮਣੇ ਆਉਣ ਨੇ ਡਾਕਟਰਾਂ ਅਤੇ ਸਿਹਤ ਖੇਤਰ ਦੇ ਵਿਗਿਆਨੀਆਂ ਵਿਚ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਮਾਹਿਰਾਂ ਅਨੁਸਾਰ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਵੇਲੇ ਚਾਰ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹਨ : ਪਹਿਲੀ, ਇਹ ਰੂਪ ਕਿੰਨੀ ਤੇਜ਼ੀ ਨਾਲ ਫੈਲਦਾ ਹੈ; ਦੂਜੀ, ਨਵਾਂ ਰੂਪ ਕਿੰਨੀ ਗੰਭੀਰ ਬਿਮਾਰੀ ਪੈਦਾ ਕਰਦਾ ਹੈ; ਤੀਸਰੀ, ਨਵਾਂ ਰੂਪ ਕਿੰਨਾ ਘਾਤਕ ਹੈ ਅਤੇ ਚੌਥੀ, ਕਿ ਉਹ ਵਿਅਕਤੀ ਜੋ ਵੈਕਸੀਨ ਲਗਵਾ ਚੁੱਕੇ ਹਨ, ਇਸ ਰੂਪ ਦਾ ਸਾਹਮਣਾ ਕਰ ਸਕਦੇ ਹਨ ਜਾਂ ਨਹੀਂ।

ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਦੱਖਣੀ ਅਫ਼ਰੀਕਾ ਤੋਂ ਆਉਂਦੀਆਂ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਹਨ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਦੱਖਣੀ ਅਫਰੀਕਾ ਅਤੇ ਬੋਸਤਵਾਨਾ ਦੇ ਵਿਗਿਆਨੀਆਂ ਨੇ ਇਸ ਰੂਪ ਦੀ ਸ਼ਨਾਖ਼ਤ ਕੀਤੀ ਹੈ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਇਹ ਰੂਪ ਦੱਖਣੀ ਅਫ਼ਰੀਕਾ ਵਿਚ ਹੀ ਪੈਦਾ ਹੋਇਆ ਹੈ। ਇਸ ਲਈ ਇਹੋ ਜਿਹੀ ਪ੍ਰਤੀਕਿਰਿਆ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਕਿਸੇ ਵੀ ਦੇਸ਼ ਵਿਚ ਨਵਾਂ ਰੂਪ ਪੈਦਾ ਹੋ ਸਕਦਾ ਹੈ। ਇਸ ਲਈ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ ਪਰ ਇਸ ਆਧਾਰ ’ਤੇ ਉਸ ਦੇਸ਼ ਵਿਰੁੱਧ ਪਾਬੰਦੀਆਂ ਲਾਉਣੀਆਂ ਅੰਤਰਰਾਸ਼ਟਰੀ ਭਾਈਚਾਰੇ ਦੇ ਸਿਧਾਂਤਾਂ ਦੇ ਵਿਰੁੱਧ ਹੈ। ਦੱਖਣੀ ਅਫ਼ਰੀਕਾ ਦੀ ਸਰਕਾਰ ਅਤੇ ਲੋਕਾਂ ਵਿਚ ਇਸ ਸਬੰਧੀ ਭਾਰੀ ਰੋਸ ਹੈ।

ਦੱਖਣੀ ਅਫ਼ਰੀਕਾ ਦੇ ਵਿਗਿਆਨੀਆਂ ਅਨੁਸਾਰ ਇਸ ਰੂਪ ਵਿਚ ਕਰੋਨਾਵਾਇਰਸ ਦੇ ਸਭ ਤੋਂ ਪਹਿਲਾਂ ਪਾਏ ਗਏ ਰੂਪ ਦੇ ਮੁਕਾਬਲੇ ਲਗਭਗ 50 ਤਬਦੀਲੀਆਂ (mutations) ਹੋ ਚੁੱਕੀਆਂ ਹਨ ਅਤੇ ਇਹ ਤੇਜ਼ੀ ਨਾਲ ਫੈਲਦਾ ਹੈ। ਇਸ ਰੂਪ ਦੇ ਮਰੀਜ਼ਾਂ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਖੋਜ ਕੀਤੀ ਜਾ ਰਹੀ ਹੈ ਪਰ ਮੁੱਢਲੀ ਜਾਣਕਾਰੀ ਅਨੁਸਾਰ ਇਸ ਰੂਪ ਕਾਰਨ ਮਰੀਜ਼ਾਂ ਵਿਚ ਬਿਮਾਰੀ ਦੇ ਗੰਭੀਰ ਲੱਛਣ ਪ੍ਰਗਟ ਨਹੀਂ ਹੋਏ; ਨਾ ਤਾਂ ਉਨ੍ਹਾਂ ਦੇ ਖ਼ੂਨ ਵਿਚ ਆਕਸੀਜਨ ਦੀ ਮਾਤਰਾ ਘਟੀ ਅਤੇ ਨਾ ਹੀ ਉਨ੍ਹਾਂ ਦੀ ਸੁੰਘਣ ਜਾਂ ਸਵਾਦ ਸ਼ਕਤੀ ਪ੍ਰਭਾਵਿਤ ਹੋਈ। ਦੱਖਣੀ ਅਫ਼ਰੀਕਾ ਵਿਚ ਅਜੇ ਤਕ ਇਸ ਰੂਪ ਕਾਰਨ ਕੋਈ ਮੌਤ ਨਹੀਂ ਹੋਈ। ਇਹ ਖੋਜ ਹੋਣੀ ਅਜੇ ਬਾਕੀ ਹੈ ਕਿ ਜਿਹੜੇ ਵਿਅਕਤੀਆਂ ਨੂੰ ਵੈਕਸੀਨ ਲੱਗ ਚੁੱਕੀ ਹੈ, ਉਹ ਇਸ ਰੂਪ ਦਾ ਮੁਕਾਬਲਾ ਕਿਵੇਂ ਕਰਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਸਾਰੇ ਦੇਸ਼ਾਂ ਨੂੰ ਇਸ ਰੂਪ ਵਿਰੁੱਧ ਤਿਆਰੀ ਕਰਨ ਲਈ ਕਿਹਾ ਹੈ। ਇਸ ਤਿਆਰੀ ਦੇ ਬੁਨਿਆਦੀ ਪੱਖ ਉਹੀ ਹਨ : ਮਾਸਕ ਪਹਿਨਣਾ, ਸਰੀਰਕ ਦੂਰੀ ਬਣਾ ਕੇ ਰੱਖਣਾ, ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਨਾ ਜਾਣਾ ਅਤੇ ਜਾਣ ਸਮੇਂ ਸਾਵਧਾਨ ਰਹਿਣਾ, ਵਾਰ ਵਾਰ ਹੱਥ ਧੋਣਾ, ਪੌਸ਼ਟਿਕ ਖੁਰਾਕ ਖਾਣਾ, ਵੈਕਸੀਨ ਲਗਵਾਉਣਾ ਆਦਿ। ਇਹ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਸਰਕਾਰਾਂ ਨੂੰ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ਼, ਹਸਪਤਾਲਾਂ, ਆਕਸੀਜਨ, ਬੈੱਡਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਬਾਰੇ ਲੇਖਾ-ਜੋਖਾ ਕਰਨ ਦੀ ਜ਼ਰੂਰਤ ਹੈ। ਨਵੇਂ ਰੂਪ ਬਾਰੇ ਮੁਕੰਮਲ ਜਾਣਕਾਰੀ ਕਈ ਹਫ਼ਤਿਆਂ ਬਾਅਦ ਹੀ ਮਿਲਣ ਦੀ ਸੰਭਾਵਨਾ ਹੈ। ਦੂਸਰੇ ਪਾਸੇ ਕੋਵਿਡ-19 ਕਾਰਨ ਜ਼ਿੰਦਗੀ ਦੀ ਰਵਾਨੀ ਨੂੰ ਅਣਮਿੱਥੇ ਸਮੇਂ ਲਈ ਰੋਕਿਆ ਨਹੀਂ ਜਾ ਸਕਦਾ। ਯੂਰੋਪ ਦੇ ਕਈ ਦੇਸ਼ਾਂ ਵਿਚ ਸਰਕਾਰਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਹੋ ਰਿਹਾ ਹੈ। ਮਨੁੱਖੀ ਵਿਕਾਸ (Evolution) ਤੋਂ ਇਹ ਸਿੱਧ ਹੁੰਦਾ ਹੈ ਕਿ ਮਨੁੱਖ ਟੋਲਿਆਂ ਵਿਚ ਰਹਿਣ ਵਾਲਾ ਪ੍ਰਾਣੀ ਹੈ ਅਤੇ ਲੰਮੀ ਦੇਰ ਲਈ ਸਰੀਰਕ ਦੂਰੀ ਬਣਾ ਕੇ ਰੱਖਣਾ ਉਸ ਦੇ ਸੁਭਾਅ ਦਾ ਹਿੱਸਾ ਨਹੀਂ ਹੈ। ਮਹਾਮਾਰੀ ਦੇ ਸਮੇਂ ਮੰਗ ਕਰਦੇ ਹਨ ਕਿ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਇਸ ਸਬੰਧ ਵਿਚ ਸੰਤੁਲਿਤ ਪਹੁੰਚ ਅਪਨਾਉਣ ਦੀ ਜ਼ਰੂਰਤ ਹੈ।

Check Also

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ ਮੁੰਡੇ ਨੂੰ ਗੋਦੀ ਚੱਕ ਕੇ ਸੁਣੋ ਕੀ ਕਿਹਾ

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ …