Breaking News
Home / Punjab / ਕਾਂਗਰਸ ਸਿਖ਼ਰਲੇ ਪੁਲਿਸ ਅਫਸਰਾਂ ਨੂੰ ਬਦਲ ਕੇ ਅਕਾਲੀ ਦਲ ਦੇ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਦਬਾਅ ਬਣਾਉਣਾ ਚਾਹੁੰਦੀ ਐ : ਸੁਖਬੀਰ

ਕਾਂਗਰਸ ਸਿਖ਼ਰਲੇ ਪੁਲਿਸ ਅਫਸਰਾਂ ਨੂੰ ਬਦਲ ਕੇ ਅਕਾਲੀ ਦਲ ਦੇ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਦਬਾਅ ਬਣਾਉਣਾ ਚਾਹੁੰਦੀ ਐ : ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਰ ਵਾਰ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਬਦਲੇ ਤੇ ਹੁਣ ਕਾਰਜਕਾਰੀ ਡੀ ਜੀ ਪੀ ਬਦਲ ਕੇ ਨਵੇਂ ਅਫਸਰਾਂ ’ਤੇ ਅਕਾਲੀ ਆਗੂਆਂ ਨੁੰ ਝੂਠੇ ਕੇਸਾਂ ਵਿਚ ਫਸਾਉਣ ਲਈ ਦਬਾਅ ਬਣਾਉਣਾ ਚਾਹੁੰਦੀ ਹੈ।

ਇਥੇ ਟਾਂਡਾ ਉੜਮੁੜ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਦੇ ਹੱਕ ਵਿਚ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਝੂਠ ਹਮੇਸ਼ਾ ਝੂਠ ਹੀ ਰਹਿੰਦਾ ਹੈ ; ਇਸੇ ਲਈ ਸਿਖ਼ਰਲੇ ਪੁਲਿਸ ਅਫਸਰ ਅਕਾਲੀ ਵਰਕਰਾਂ ਨੂੰ ਝੂਠੇ ਪੁਲਿਸ ਕੇਸਾਂ ਵਿਚ ਫਸਾਉਣ ਦੀਆਂ ਕਾਂਗਰਸ ਸਰਕਾਰ ਦੀਆਂ ਹਦਾਇਤਾਂ ਮੰਨਣ ਤੋਂ ਇਨਕਾਰੀ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਸਿਖਰਲੀ ਪੁਲਿਸ ਲੀਡਰਸ਼ਿਪ ਵਿਚ ਦੋ ਤਬਦੀਲੀਆਂ ਕੀਤੀਆਂ ਹਨ ਜਿਹਨਾਂ ਵਿਚ ਪਹਿਲਾਂ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਓ ਆਈ) ਦੇ ਏ ਡੀ ਜੀ ਪੀ ਅਰਪਿਤ ਸ਼ੁਕਲਾ ਨੁੰ ਬਦਲਿਆ ਤੇ ਫਿਰ ਏ ਡੀ ਜੀ ਪੀ ਵਰਿੰਦਰ ਕੁਮਾਰ ਨੂੰ ਬਦਲਿਆ। ਹੁਣ ਬੀ ਓ ਆਈ ਦੇ ਤੀਜੇ ਮੁਖੀ ਐਸ ਕੇ ਅਸਥਾਨਾ ਨੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਸਰਕਾਰਾਂ ਨੂੰ ਬੇਨਕਾਬ ਕਰ ਦਿੱਤਾ ਹੈ ਤੇ ਹਦਾਇਤਾਂ ਮੰਗੀਆਂ ਹਨ ਕਿ ਉਹ ਸਰਕਾਰ ਦੇ ਕਹਿਣ ’ਤੇ ਇਕ ਗੈਰ ਕਾਨੂੰਨੀ ਕੇਸ ਕਿਵੇਂ ਦਰਜ ਕਰ ਦੇਣ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਸੀਨੀਅਰ ਅਫਸਰ ਰਾਜਨੀਤਕ ਬਦਲਾਖੋਰੀ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਹਨ। ਉਹਨਾਂ ਨੇ ਸਾਰੇ ਅਫਸਰਾਂ ਨੂੰ ਇਹ ਬੇਨਤੀ ਕੀਤੀ ਕਿ ਉਹ ਇਹ ਧਿਆਨ ਵਿਚ ਰੱਖਣ ਕਿ ਉਹ ਬਦਲਾਖੋਰੀ ਦੀ ਮੁਹਿੰਮ ਦੇ ਲਪੇਟੇ ਵਿਚ ਨਾ ਆ ਜਾਣ। ਉਹਨਾਂ ਕਿਹਾ ਕਿ ਕਾਨੂੰਨ ਹਰੇਕ ਲਈ ਬਰਾਬਰ ਹੁੰਦਾ ਹੈ ਭਾਵੇਂ ਉਹ ਕਾਨੁੰਨ ਤੋੜਨ ਵਾਲੇ ਆਮ ਆਦਮੀ ਹੋਣ ਜਾਂ ਫਿਰ ਵਰਦੀਧਾਰੀ ਅਫਸਰ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸਭ ਤੋਂ ਹਿਸਾਬ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜੋ ਅਫਸਰ ਕਾਂਗਰਸ ਪਾਰਟੀ ਦੇ ਸਿਆਸੀ ਏਜੰਟ ਬਣ ਕੇ ਕੰਮ ਕਰਨਗੇ, ਉਹਨਾਂ ਨੁੰ ਹਿਸਾਬ ਦੇਣਾ ਪਵੇਗਾ।

ਜਦੋਂ ਉਹਨਾਂ ਤੋਂ ਕਾਂਗਰਸ ਸਰਕਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਓਰਬਿਟ ਬੱਸ ਟਰਾਂਸਪੋਰਟ ਦੇ ਪਰਮਿਟ ਰੱਦ ਕਰਨ ਦੇ ਮਾਮਲੇ ਵਿਚ ਹਾਈ ਕੋਰਟ ਵੱਲੋਂ ਦਿੱਤੀ ਰਾਹਤ ਨੂੰ ਚੁਣੌਤੀ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਦਾਇਰ ਵਿਸ਼ੇਸ਼ ਲੀਵ ਪਟੀਸ਼ਨ ਯਾਨੀ ਐਸ ਐਲ ਪੀ ਸੁਪਰੀਮ ਕੋਰਟ ਵਿਚ ਰੱਦ ਹੋਣ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਅਦਾਲਤ ਨੇ ਵੀ ਹੁਣ ਉਹੋ ਕਿਹਾ ਹੈ ਜੋ ਅਸੀਂ ਪਹਿਲਾਂ ਤੋਂ ਆਖ ਰਹੇ ਹਾਂ ਕਿ ਪੰਜਾਬ ਸਰਕਾਰ ਹਰ ਮਾਮਲੇ ਵਿਚ ਰਾਜਨੀਤੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਡੀ ਨਿਖੇਧੀ ਹੋਰ ਕੀ ਹੋ ਸਕਦੀ ਹੈ ?

ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਪੁੱਛਿਆ ਕਿ ਉਹ ਕਿਸ ਹੈਸੀਅਤ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹਨ। ਉਹਨਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਪਸ਼ਟ ਕਰੇ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਕੌਣ ਉਮੀਦਵਾਰ ਹੈ ।

Check Also

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ ਮੁੰਡੇ ਨੂੰ ਗੋਦੀ ਚੱਕ ਕੇ ਸੁਣੋ ਕੀ ਕਿਹਾ

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ …