ਬੂਟੇ ਨੇ ਨਕਾਰੇ ਸਭ ਦੋ ਸ਼ BOOTA TALWAN , ਨਾਂ ਮੈਂ ਜੱਫਾ ਲਾਇਆ ਨਾਂ ਜੱਫੀ ਪਾਈ

ਕਬੱਡੀ ਨੈਸ਼ਨਲ ਸਟਾਈਲ ਦਾ ਇਸ ਵੇਲੇ ਦੁਨੀਆ ਵਿੱਚ ਕੋਈ ਸਾਨੀ ਨਹੀਂ। ਇਸ ਕਬੱਡੀ ਨੇ ਫਰਸ਼ ਤੋਂ ਉੱਠ ਅਰਸ਼ ਤੇ ਆਪਣਾ ਮੁਕਾਮ ਦਰਸਾਇਆ ਹੈ। ਕਬੱਡੀ ਨੈਸ਼ਨਲ ਸਟਾਈਲ ਦਾ ਵਿਸ਼ਵ ਕੱਪ ਪੂਰੀ ਦੁਨੀਆ ਦੇ ਮੁਲਕਾਂ ਵਿੱਚ ਉਥੋਂ ਦੀਆਂ ਵੱਸਦੀਆਂ ਕੌਮਾਂ ਵਿੱਚ ਆਪਣੀ ਨੁਮਾਇੰਦਗੀ ਅਤੇ ਆਪਣੀ ਪਹਿਚਾਣ ਨੂੰ ਦਰਸਾ ਰਿਹਾ ਹੈ। ਦੁਨੀਆ ਭਰ ਦਾ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਆਪੋ ਆਪਣੇ ਮੁਲਕਾਂ ਵਿੱਚ ਕਵਰੇਜ ਦੇ ਰਿਹਾ ਹੈ।

ਵਿਸ਼ਵ ਕੱਪ ਕਬੱਡੀ ਦੇ ਵੱਡੇ ਉਲਟਫੇਰ ਹੋ ਰਹੇ ਹਨ। ਕਿਤੇ ਕੋਰੀਆ ਵਰਗਾ ਮੁਲਕ ਭਾਰਤ ਨੂੰ ਧੋਬੀ ਪਟਕਾ ਮਾਰ ਰਿਹਾ ਹੈ ਕਿਤੇ ਪੋਲੈਂਡ ਮੁਲਕ ਇਰਾਨੀਆਂ ਨੂੰ ਆਪਣੇ ਹੁਨਰ ਨਾਲ ਮੂਧੇ ਮੂੰਹ ਸੁੱਟ ਰਿਹਾ ਹੈ। ਕਬੱਡੀ ਨੈਸ਼ਨਲ ਸਟਾਈਲ ਦੇ ਪ੍ਰਬੰਧਕੀ ਢਾਚੇ ਵਿੱਚ ਵਿਸ਼ਵ ਭਰ ਦੇ ਬੰਦੇ ਆਪਣੀ ਸ਼ਮੂਲੀਅਤ ਦਰਸਾ ਰਹੇ ਹਨ ਇਹ ਕਬੱਡੀ ਏਸ਼ੀਅਨ ਖੇਡਾਂ ਅਤੇ ਹੋਰ ਮਹਾਂਦੀਪਾਂ ਦੀਆਂ ਖੇਡਾਂ ਦਾ ਮੁੱਖ ਹਿੱਸਾ ਪਹਿਲਾਂ ਹੀ ਬਣ ਚੁੱਕੀ ਹੈ ਉਹ ਦਿਨ ਦੂਰ ਨਹੀਂ ਜਦੋਂ ਕੁੱਝ ਕੁ ਵਰ੍ਹਿਆਂ ਤੱਕ ਕਬੱਡੀ ਨੈਸ਼ਨਲ ਸਟਾਈਲ ਉਲੰਪਿਕ ਖੇਡਾਂ ਦੀ ਅਹਿਮ ਖੇਡ ਹੋਵੇਗੀ ਕਿਉਂਕਿ ਉਲੰਪਿਕ ਖੇਡਾਂ ਵਿੱਚ ਸ਼ਾਮਿਲ ਹੋਣ ਵਾਲੀਆ ਨਵੀਆਂ ਖੇਡਾਂ ਦੀ ਵੇਟਿੰਗ ਲਿਸਟ ਵਿੱਚ ਕਬੱਡੀ ਨੈਸ਼ਨਲ ਸਟਾਈਲ ਦਾ ਨਾਮ ਕਾਫੀ ਉੱਚਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਵਿਸ਼ਵ ਕੱਪ ਖੇਡ ਰਹੀ ਭਾਰਤੀ ਕਬੱਡੀ ਟੀਮ ਵਿੱਚ ਇੱਕ ਵੀ ਪੰਜਾਬ ਦਾ ਖਿਡਾਰੀ ਨਹੀਂ ਹੈ।

ਦੂਜੇ ਪਾਸੇ ਪੰਜਾਬੀਆਂ ਦੀ ਬਹੁਤ ਹੀ ਚਹੇਤੀ ਅਤੇ ਹਰਮਨ ਪਿਆਰੀ ਸਰਕਲ ਸਟਾਈਲ ਕਬੱਡੀ ਦੀ ਵਿਸ਼ਵ ਪੱਧਰੀ ਕਬੱਡੀ ਲੀਗ ਅਤੇ ਵਿਸ਼ਵ ਕਬੱਡੀ ਕੱਪ ਦਾ ਰਾਮ ਰੌਲਾ ਤਾਂ ਹਰ ਸਾਲ ਪਈ ਜਾਂਦਾ ਹੈ ਪਰ ਇਹ ਕਬੱਡੀ ਅੰਤਰਰਾਸ਼ਟਰੀ ਪਹਿਚਾਣ ਬਣਾਉਣ ਦੀ ਬਜਾਏ ਪੰਜਾਬੀਆਂ ਦੇ ਝਮੇਲੇ ਵਿੱਚ ਹੀ ਉਲਝੀ ਪਈ ਹੈ। ਪੰਜਾਬੀਆਂ ਦੀ ਸਭ ਤੋਂ ਦਰਸ਼ਨੀ ਖੇਡ ਹੋਣ ਦੇ ਬਾਵਜੂਦ ਇਹ ਖੇਡ ਏਸ਼ੀਅਨ ਖੇਡਾਂ ਵਿੱਚ ਜਾਂ ਕਿਸੇ ਹੋਰ ਅੰਤਰਰਾਸ਼ਟਰੀ ਮੁਕਾਮ ਤੇ ਦੋ ਕਦਮ ਅਗੇ ਨਹੀਂ ਵੱਧ ਸਕੀ। ਸੱਚੀ ਗੱਲ ਤਾਂ ਇਹ ਹੈ ਕਿ ਸਾਡੀ ਕਬੱਡੀ ਬਾਦਲ ਪਰਿਵਾਰ ਦੀ ਬੁੱਕਲ ਵਿੱਚ ਦਮ ਤੋੜਣ ਲੱਗ ਪਈ ਹੈ ਕਿਉਂਕਿ ਕਬੱਡੀ ਤੇ ਹੁੰਦੇ ਵੱਡੇ ਇਕੱਠਾਂ ਨੂੰ ਦੇਖਦਿਆਂ ਬਾਦਲਾਂ ਨੇ ਸਰਕਲ ਸਟਾਈਲ ਕਬੱਡੀ ਨੂੰ ਆਪਣੇ ਕੁਲਾਵੇ ਵਿੱਚ ਲੈ ਲਿਆ। ਬਾਦਲਾਂ ਨੂੰ ਕਬੱਡੀ ਦਾ ਹੇਜ ਇਸ ਕਰਕੇ ਜਾਗਿਆ ਕਿਉਂਕਿ ਕਬੱਡੀ ਜਰੀਏ ਉਹਨਾਂ ਦੀਆ ਜਿਥੇ ਵੱਡੀਆ ਰੈਲੀਆਂ ਹੋ ਜਾਦੀਆਂ ਹਨ ਉਥੇ ਕੁੱਝ ਵੋਟਾਂ ਵੀ ਪੱਕੀਆਂ ਹੋ ਜਾਂਦੀਆਂ ਹਨ ਕਿਉਂਕਿ ਬਾਦਲ ਪੰਜਾਬ ਦੇ ਲੋਕਾਂ ਨੂੰ ਤਾਂ ਪਹਿਲਾਂ ਹੀ ਅਨਪੜ੍ਹਾਂ ਅਤੇ ਮੂਰਖਾਂ ਦੀ ਕਤਾਰ ਵਿੱਚ ਗਿਣਦੇ ਹਨ।