ਇਹੋ ਜਿਹੀਆਂ ਕੁੜੀਆਂ ਕਰਕੇ ਘਰ ਟੁੱਟਦੇ

ਪਰਿਵਾਰ ਸਮਾਜ ਦੀ ਮੁਢਲੀ ਇਕਾਈ ਹੈ। ਕਿਸੇ ਵੀ ਸਮਾਜ ਦੀ ਰੂਪ-ਰੇਖਾ ਉਸ ਵਿਚਲੇ ਪਰਿਵਾਰਾਂ ਦੇ ਸੰਗਠਨ ਤੋਂ ਬਣਦੀ ਹੈ ਕਿਉਂਕਿ ਮੁੱਖ ਤੌਰ ‘ਤੇ ਸਮਾਜ ਪਰਿਵਾਰਾਂ ਦਾ ਹੀ ਸਮੂਹ ਹੈ। ਅੱਜ ਦੇ ਸਮਾਜ ਵਿੱਚ ਜੇ ਕਈ ਤਰ੍ਹਾਂ ਦੇ ਬਦਲਾਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਬਦਲਾਓ ਸਮਾਜ ਵਿਚਲੇ ਪਰਿਵਾਰਾਂ ਦੀ ਹੀ ਉਪਜ ਹਨ। ਸਮੇਂ ਦੇ ਨਾਲ-ਨਾਲ ਪਰਿਵਾਰਾਂ ਵਿਚਲੇ ਬਦਲਾਵਾਂ ਨੇ ਅੱਜ ਦੇ ਸਮਾਜ ਨੂੰ ਪੂਰਨ ਰੂਪ ਵਿੱਚ ਬਦਲ ਕੇ ਰੱਖ ਦਿੱਤਾ ਹੈ। ਇਨ੍ਹਾਂ ਬਦਲਾਵਾਂ ਦੇ ਨਤੀਜੇ ਭਾਵੇਂ ਬਹੁਤੇ ਚੰਗੇ ਨਹੀਂ ਹਨ ਤੇ ਅੱਜ ਹਰ ਇਨਸਾਨ ਮਨ ਵਿੱਚ ਇੱਕ ਘੁਟਣ ਜਿਹੀ ਵੀ ਮਹਿਸੂਸ ਕਰਦਾ ਹੈ, ਪਰ ਫਿਰ ਵੀ ਲੱਗਦਾ ਹੈ ਉਹ ਪਿੱਛੇ ਵੀ ਨਹੀਂ ਮੁੜ ਸਕਦਾ ਕਿਉਂਕਿ ਪਰਿਵਾਰਾਂ ਦਾ ਤਾਣਾ-ਬਾਣਾ ਪੂਰਨ ਤੌਰ ‘ਤੇ ਬਦਲ ਗਿਆ ਹੈ।

ਇਹ ਵੀ ਇੱਕ ਸੱਚਾਈ ਹੈ ਕਿ ਅੱਜ ਕੋਈ ਵੀ ਇਨਸਾਨ ਇਸ ਸਮਾਜ ਵਿਚਲੇ ਬਦਲਾਵਾਂ ਤੋਂ ਪੂਰਨ ਤੌਰ ‘ਤੇ ਸੰਤੁਸ਼ਟ ਨਹੀਂ ਹੈ। ਪਰਿਵਾਰਾਂ ਦੀ ਬਣਤਰ ਤੋਂ ਖ਼ੁਸ਼ ਨਹੀਂ ਹੈ। ਉਹ ਕੁਝ ਹੋਰ ਹੀ ਚਾਹੁੰਦਾ ਹੈ।ਅੱਜ ਕੱਲ੍ਹ ਸਾਂਝੇ ਪਰਿਵਾਰ ਸ਼ਹਿਰੀ ਅਤੇ ਪੇਂਡੂ ਦੋਵੇਂ ਖੇਤਰਾਂ ਵਿੱਚੋਂ ਲਗਪਗ ਖ਼ਤਮ ਜਿਹੇ ਹੀ ਹੋ ਗਏ ਹਨ। ਹਰ ਪਾਸੇ ਇਕਾਹਿਰੇ ਪਰਿਵਾਰਾਂ ਦਾ ਬੋਲਬਾਲਾ ਹੋ ਗਿਆ ਹੈ। ਸਮੇਂ ਦੇ ਨਾਲ ਹੋਰ ਕਾਰਨਾਂ ਤੋਂ ਇਲਾਵਾ ਪਰਿਵਾਰਾਂ ਦੇ ਬਦਲਦੇ ਰੂਪ ਨੇ ਵੀ ਇਨਸਾਨ ਦੀ ਸੰਤੁਸ਼ਟੀ ਲਗਪਗ ਖ਼ਤਮ ਕਰ ਦਿੱਤੀ ਹੈ ਤੇ ਅੱਜ ਦਾ ਮਨੁੱਖ ਤਣਾਓ ਤੇ ਹੋਰ ਕਈ ਤਰ੍ਹਾਂ ਦੀਆਂ ਮੁਸਬਤਾਂ ਦੇ ਜਾਲ ਵਿੱਚ ਫਸ ਗਿਆ ਹੈ। ਇਸ ਲਈ ਅੱਜ ਹਰ ਮਨੁੱਖ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਸਾਂਝੇ ਪਰਿਵਾਰਾਂ ਦੀ ਲੋੜ ਵੀ ਮਹਿਸੂਸ ਕਰਦਾ ਹੈ, ਚਾਹੇ ਉਹ ਇਸ ਨੂੰ ਬਿਆਨ ਕਰੇ ਜਾਂ ਨਾ ਕਰੇ।

ਸਾਂਝੇ ਪਰਿਵਾਰ ਟੁੱਟਣ ਦੇ ਮੁੱਖ ਕਾਰਨ ਸਮੇਂ ਦੇ ਨਾਲ ਮਨੁੱਖ ਦੀਆਂ ਵਧ ਰਹੀਆਂ ਲੋੜਾਂ ਦੀ ਕਾਢ ਹੈ। ਜਦੋਂ ਮਨੁੱਖ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਸਾਧਨਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਾਂਝੇ ਪਰਿਵਾਰਾਂ ਨੂੰ ਛੱਡ ਕੇ ਕਿਧਰੇ ਹੋਰ ਪ੍ਰਵਾਸ ਕਰਨ ਲੱਗੇ ਜਿਵੇਂ ਕਿ ਕੰਮ ਦੀ ਭਾਲ ਵਿੱਚ ਪਿੰਡਾਂ ਵਿੱਚੋਂ ਲੋਕ ਸ਼ਹਿਰਾਂ ਵੱਲ ਆਉਣ ਲੱਗੇ। ਹੌਲੀ-ਹੌਲੀ ਆਬਾਦੀ ਉੱਥੇ ਵੀ ਵਧ ਗਈ। ਸ਼ਹਿਰਾਂ ਵੱਲ ਆਵਾਸ ਅਤੇ ਕੰਮ ਦੀਆਂ ਸਮੱਸਿਆਵਾਂ ਕਾਰਨ ਸਾਂਝੇ ਪਰਿਵਾਰ ਟੁੱਟਣੇ ਸ਼ੁਰੂ ਹੋਏ, ਪਰ ਅੱਜ ਇਕਹਿਰੇ ਪਰਿਵਾਰਾਂ ਦਾ ਪ੍ਰਸਾਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਇੱਕ ਰਿਵਾਜ ਜਿਹਾ ਬਣ ਗਿਆ ਹੈ। ਕੋਈ ਵੀ ਸਾਂਝੇ ਪਰਿਵਾਰ ਵਿੱਚ ਰਹਿਣਾ ਪਸੰਦ ਨਹੀਂ ਕਰਦਾ, ਪਰ ਸਮਾਂ ਬੜਾ ਬਲਵਾਨ ਹੈ ਅਤੇ ਅੱਜ ਸਮੇਂ ਨੇ ਮਨੁੱਖ ਨੂੰ ਇੱਕ ਅਜਿਹੇ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ ਕਿ ਭਾਵੇਂ ਉਹ ਕੁਝ ਕਹੇ ਜਾਂ ਨਾ ਕਹੇ, ਪਰ ਅੰਦਰੋਂ ਪੂਰੀ ਤਰ੍ਹਾਂ ਸਾਂਝੇ ਪਰਿਵਾਰ ਦੀ ਲੋੜ ਨੂੰ ਮਹਿਸੂਸ ਕਰਦਾ ਹੈ।