Home / India / ਵਿਆਹ ਦੀ ਖਰੀਦਦਾਰੀ ਕਰਕੇ ਘਰ ਪਰਤ ਰਹੇ ਜੋੜੇ ਦੀ ਸੜਕ ਹਾਦਸੇ ‘ਚ ਮੌਤ ,ਦੋਵਾਂ ਦਾ ਇਕੱਠੇ ਕੀਤਾ ਸਸਕਾਰ

ਵਿਆਹ ਦੀ ਖਰੀਦਦਾਰੀ ਕਰਕੇ ਘਰ ਪਰਤ ਰਹੇ ਜੋੜੇ ਦੀ ਸੜਕ ਹਾਦਸੇ ‘ਚ ਮੌਤ ,ਦੋਵਾਂ ਦਾ ਇਕੱਠੇ ਕੀਤਾ ਸਸਕਾਰ

ਉੱਤਰ ਪ੍ਰਦੇਸ਼ ਦੇ ਔਰੈਯਾ ਤੋਂ ਇੱਕ ਦਰਦਨਾਕ ਖ਼ਬਰ ਆਈ ਹੈ, ਜਿੱਥੇ ਸੜਕ ਹਾਦਸੇ ਵਿੱਚ ਇੱਕ ਲੜਕੇ ਅਤੇ ਲੜਕੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਾ ਵਿਆਹ 10 ਦਸੰਬਰ ਨੂੰ ਹੋਣਾ ਸੀ ਅਤੇ ਦੋਵੇਂ ਸ਼ਾਪਿੰਗ ਲਈ ਕਾਨਪੁਰ ਗਏ ਹੋਏ ਸਨ ਪਰ ਘਰ ਪਰਤਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਅਤੇ ਦੋਵਾਂ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦਿਆਂ ਹੀ ਦੋਵਾਂ ਘਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਚਿਨ ਸ਼੍ਰੀਵਾਸਤਵ ਅਤੇ ਸੋਨੀ ਇੱਕੋ ਇਲਾਕੇ ਵਿੱਚ ਰਹਿੰਦੇ ਸਨ। ਦੋਹਾਂ ਵਿਚਕਾਰ ਪ੍ਰੇਮ ਸਬੰਧ ਕਾਫੀ ਸਮੇਂ ਤੋਂ ਚੱਲ ਰਹੇ ਸਨ। ਇਸ ਵਿਆਹ ਲਈ ਦੋਵਾਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਕਾਫੀ ਮਨਾਉਣਾ ਪਿਆ। ਵੱਖ-ਵੱਖ ਜਾਤੀਆਂ ਹੋਣ ਕਾਰਨ ਦੋਵਾਂ ਦੇ ਪਰਿਵਾਰ ਇਸ ਵਿਆਹ ਲਈ ਮੁਸ਼ਕਿਲ ਨਾਲ ਤਿਆਰ ਹੋਏ ਸੀ। ਸਚਿਨ ਸ੍ਰੀਵਾਸਤਵ ਸੀਬੀਆਈ ਵਿੱਚ ਕਲਰਕ ਵਜੋਂ ਤਾਇਨਾਤ ਸਨ।

ਰਿੰਗ ਸਰਮਨੀ ਦੀ ਰਸਮ ਹੋ ਚੁੱਕੀ ਸੀ ਅਤੇ ਦੋਵਾਂ ਦੇ ਪਰਿਵਾਰ ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਸਨ ਪਰ ਇਸ ਹਾਦਸੇ ਨੇ ਦੋਹਾਂ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਮਾਤਮ ‘ਚ ਬਦਲ ਦਿੱਤਾ। ਮੌਤ ਦੀ ਖ਼ਬਰ ਮਿਲਦੇ ਹੀ ਦੋਹਾਂ ਪਰਿਵਾਰਾਂ ‘ਚ ਮਾਤਮ ਛਾ ਗਿਆ। ਜਿਵੇਂ ਹੀ ਦੋਵਾਂ ਦੀਆਂ ਲਾਸ਼ਾਂ ਘਰ ਪਹੁੰਚਾਈਆਂ ਗਈਆਂ ਤਾਂ ਘਰ ‘ਚ ਹਫੜਾ-ਦਫੜੀ ਮਚ ਗਈ। ਪਰਿਵਾਰ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਫਿਰ ਦੋਹਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ।

ਦੋਵਾਂ ਦੀ ਮੌਤ ਨਾਲ ਪੂਰੇ ਇਲਾਕੇ ‘ਚ ਸੋਗ ਦਾ ਮਾਹੌਲ ਬਣ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਅਣਪਛਾਤੇ ਵਾਹਨ ਦਾ ਪਤਾ ਲਗਾਇਆ ਜਾ ਰਿਹਾ ਹੈ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।