ਪੰਜਾਬ ਤੋਂ ਕੈਨੇਡਾ ਸੁਪਨੇ ਪੂਰੇ ਕਰਨ ਆਈਆਂ ਕੁੜੀਆਂ ਦਾ ਕੁੱਝ

ਜਦੋਂ ਅਸੀਂ ਆਪਣੀ ਧੀ ਲਈ ਦੇਸ਼ ’ਚ ਵਰ ਲੱਭਦੇ ਹਾਂ ਤਾਂ ਸਾਰੀ ਪੁੱਛ-ਪੜਤਾਲ ਕਰਕੇ ਫਿਰ ਹੀ ਗੱਲਬਾਤ ਸਿਰੇ ਚੜ੍ਹਾਉਂਦੇ ਹਾਂ। ਹੈਰਾਨੀ ਵਾਲੀ ਗੱਲ ਹੈ ਕਿ ਆਪਣੀ ਧੀ ਨੂੰ ਪਰਦੇਸ ਭੇਜਣ ਦਾ ਲਾਲਚ ਮਾਪਿਆਂ ਨੂੰ ਇਸ ਕਦਰ ਅੰਨ੍ਹਾ ਕਰ ਦਿੰਦਾ ਹੈ ਕਿ ਉਹ ਲੜਕੇ ਨੂੰ ਚੰਗੀ ਤਰ੍ਹਾਂ ਨਾ ਜਾਣਦੇ ਹੋਏ ਵੀ ਅਪਣਾ ਲੈਂਦੇ ਹਨ। ਅਜਿਹੇ ਵਿਆਹ ਕੁਝ ਹੀ ਸਮੇਂ ਬਾਅਦ ਟੁੱਟ ਜਾਂਦੇ ਹਨ। ਅਸਲ ਵਿਚ ਇਹ ਵਿਆਹ ਹੀ ਨਹੀਂ, ਵਪਾਰ ਹੁੰਦਾ ਹੈ। ਅਸੀਂ ਸਿੱਧੇ ਲਾੜੇ ਵਾਲਿਆਂ ’ਤੇ ਇਲਜ਼ਾਮ ਲਾਉਂਦੇ ਹਾਂ ਕਿ ਉਨ੍ਹਾਂ ਨੇ ਧੋਖਾ ਦਿੱਤਾ ਪਰ ਉਸ ਸਮੇਂ ਗਲਤੀ ਤਾਂ ਸਾਰੀ ਸਾਡੀ ਵੀ ਹੁੰਦੀ ਹੈ। ਅਸੀਂ ਬਿਨਾਂ ਜਾਂਚ-ਪੜਤਾਲ ਦੇ ਆਪਣੀ ਧੀ ਨੂੰ ਬਾਹਰਲੇ ਦੇਸ਼ਾਂ ਵਿਚ ਆਪਣੇ ਲਾਲਚ ਹਿੱਤ ਭੇਜ ਦਿੰਦੇ ਹਾਂ। ਇਹ ਗੱਲ ਕਈ ਵਾਰ ਚੱਲੀ ਹੈ ਕਿ ਪਰਦੇਸੀ ਲਾੜੇ ਧੋਖਾ ਕਰਦੇ ਹਨ ਤੇ ਉਨ੍ਹਾਂ ਉਪਰ ਲਗਾਮ ਕੱਸੀ ਜਾਵੇ ਪਰ ਮੈਂ ਕਹਿੰਦੀ ਹਾਂ ਕਿ ਆਪਾਂ ਪਹਿਲਾਂ ਆਪਣੀਆਂ ਧੀਆਂ ਲਈ ਅਣਜਾਣ ਪਰਦੇਸੀ ਤੇ ਬੇਜੋੜ ਰਿਸ਼ਤਿਆਂ ਤੋਂ ਸੁਚੇਤ ਹੋਈਏ। ਸ਼ਾਇਦ ਫਿਰ ਇਹ ਸਮੱਸਿਆ ਕੁਝ ਘੱਟ ਜਾਵੇ।

ਪਰਦੇਸੀ ਲਾੜੇ ਲੱਭਣ ਵੇਲੇ ਆਰਥਿਕ ਪੱਖ ’ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਜਿਸ ਵਿਅਕਤੀ ਕੋਲ ਬਹੁਤ ਪੈਸਾ ਹੈ, ਉਸ ਦੇ ਬਾਕੀ ਗੁਣ-ਔਗੁਣ ਨਹੀਂ ਦੇਖੇ ਜਾਂਦੇ। ਪੈਸੇ ਨੂੰ ਸੁਖੀ ਜੀਵਨ ਦਾ ਸਭ ਤੋਂ ਵੱਡਾ ਸਾਧਨ ਮੰਨਿਆ ਜਾਂਦਾ ਹੈ। ਪਰਦੇਸੀਆਂ ਕੋਲ ਆਪਾਰ ਧਨ ਹੋਣ ਦਾ ਭੁਲੇਖਾ ਹਰ ਕਿਸੇ ਨੂੰ ਹੈ। ਇਸੇ ਕਰਕੇ ਰਿਸ਼ਤਾ ਕਰਨ ਵੇਲੇ ਪਰਦੇਸੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਧੀ ਦੇ ਦਾਜ ਲਈ ਜ਼ਮੀਨ ਵੇਚ ਕੇ ਕੀਤਾ ਇਹ ਸੌਦਾ ਉਨ੍ਹਾਂ ਨੂੰ ਸਭ ਤੋਂ ਵੱਧ ਲਾਭਕਾਰੀ ਦਿਖਾਈ ਦਿੰਦਾ ਹੈ। ਅੱਜ ਵੀ ਜੇ ਕੋਈ ਲਾਲਚ ਦਿੰਦਾ ਹੈ ਤਾਂ ਬਹੁਤ ਸਾਰੇ ਲਾਲਚੀ ਲੋਕ ਰਿਸ਼ਤੇ ਵਿਚ ਲਗ ਜਾਣਗੇ। ਲਾਲਚੀ ਬੀਤੇ ਸਮੇਂ ਤੋਂ ਸਬਕ ਨਹੀਂ ਸਿਖਦੇ।

ਮਨੁੱਖ ਪੈਸੇ ਪਿੱਛੇ ਘੋੜ-ਦੌੜ ਦੀ ਤਰ੍ਹਾਂ ਪਿਆ ਹੋਇਆ ਹੈ। ਪੈਸੇ ਦੀ ਅਜਿਹੀ ਚੇਟਕ ਕਾਰਨ ਲੋਕ ਬਹੁਤ ਤਰ੍ਹਾਂ ਦੇ ਧੋਖੇ ਵੀ ਖਾ ਰਹੇ ਹਨ। ਬਹੁਤ ਸਾਰੀਆਂ ਅਜਿਹੀਆਂ ਕੁੜੀਆਂ, ਜਿਨ੍ਹਾਂ ਦੇ ਰਿਸ਼ਤੇ ਪਰਦੇਸ਼ੋਂ ਆਏ ਮੁੰਡਿਆਂ ਨਾਲ ਕਰ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਨਰਕ ਬਣੀ ਅਸੀਂ ਅਕਸਰ ਵੇਖਦੇ ਹਾਂ। ਅਜਿਹੇ ਧੋਖੇ ਹੋਣ ਦੇ ਬਾਵਜੂਦ ਲੋਕ ਪਰਦੇਸਾਂ ਵਿਚੋਂ ਆਏ ਲਾੜਿਆਂ ਨਾਲ ਆਪਣੀਆਂ ਧੀਆਂ ਦੇ ਵਿਆਹ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸ ਦਾ ਕਾਰਨ ਐਸ਼ ਵਾਲੀ ਜ਼ਿੰਦਗੀ ਤੇ ਪੈਸੇ ਦੀ ਲਾਲਸਾ ਦੀ ਚੇਟਕ ਕਾਰਨ ਹੀ ਹੈ। ਕਿਉਂਕਿ ਕੁੜੀ ਦੇ ਬਾਹਰ ਜਾਣ ਨਾਲ ਉਸ ਦੇ ਪਰਿਵਾਰ ਨੂੰ ਲੱਗਦਾ ਹੈ ਕਿ ਉਹ ਆਪ ਜਾ ਕੇ ਬਾਅਦ ਵਿਚ ਪੂਰੇ ਪਰਿਵਾਰ ਨੂੰ ਪਰਦੇਸ ਬੁਲਾ ਲਵੇਗੀ ਤੇ ਉਹ ਸਭ ਐਸ਼ ਦੀ ਜ਼ਿੰਦਗੀ ਜਿਉਣਗੇ। ਪਰਦੇਸੀ ਲਾੜਿਆਂ ਦੀ ਪੂਰੀ ਤਫਤੀਸ਼ ਕਰਨੀ ਜ਼ਰੂਰੀ ਹੈ। ਲੋਕਾਂ ਨੂੰ ਬਗ਼ੈਰ ਤਫਤੀਸ਼ ਦੇ ਪਰਦੇਸ ’ਚ ਰਿਸ਼ਤੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਪਣੀਆਂ ਧੀਆਂ ਨੂੰ ਪੜ੍ਹਾ-ਲਿਖਾ ਕੇ ਇਧਰ ਹੀ ਰੁਜ਼ਗਾਰ ਦੇ ਕਾਬਲ ਬਣਾਉਣਾ ਚਾਹੀਦਾ ਹੈ।