ਵਿਆਹ ਕਰਾ ਮੁਕਰਿਆ ਲਾੜਾ , ਵਹੁਟੀ ਤੇ ਸ਼ੱਕ ਬਦਲਿਆ ਯਕੀਨ ਚ

ਵਿਦੇਸ਼ ਜਾਣ ਦੀ ਚਾਹ ਕਰਕੇ ਇਕ ਲੜਕੀ ਵਲੋਂ ਆਈਲੈਟਸ ਵਿੱਚੋਂ ਜ਼ਿਆਦਾ ਬੈਂਡ ਲਏ ਹੋਣ ਦਾ ਝੂਠ ਬੋਲ ਕੇ ਸ਼ਾਦੀ ਕਰਨ ਖ਼ਿਲਾਫ਼ ਸਥਾਨਕ ਥਾਣਾ ਸਿਟੀ ਨੇ ਦਫ਼ਾ 420,120-ਬੀ ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਲੜਕੀ ਅਰਸ਼ਦੀਪ ਕੌਰ, ਉਸ ਦੇ ਪਿਤਾ ਹਰਜਿੰਦਰ ਸਿੰਘ, ਮਾਤਾ ਰਾਜਵਿੰਦਰ ਕੌਰ ਦੇ ਇਲਾਵਾ ਛੇ-ਸੱਤ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ|

ਇਹ ਕੇਸ ਸ਼ਹਿਰ ਦੀ ਦੀਪ ਐਵਿਨਿਊ ਦੇ ਵਾਸੀ ਲਵਦੀਪ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ| ਉਸ ਦੀ ਸ਼ਾਦੀ ਨਾਮਜ਼ਦ ਕੀਤੀ ਗਈ ਮੁਲਜ਼ਮ ਅਰਸ਼ਦੀਪ ਕੌਰ ਨਾਲ 25 ਜੂਨ, 2014 ਨੂੰ ਹੋਈ ਸੀ| ਲਵਦੀਪ ਸਿੰਘ ਦੀ ਅਰਸ਼ਦੀਪ ਕੌਰ ਨਾਲ ਸ਼ਾਦੀ ਇਸ ਸ਼ਰਤ ’ਤੇ ਹੋਈ ਸੀ ਕਿ ਲੜਕੀ ਨੇ ਆਈਲੈਟਸ ਵਿੱਚੋਂ ਸਾਢ਼ੇ ਛੇ ਬੈਂਡ ਲਏ ਹਨ ਤੇ ਜਿਸ ਕਰਕੇ ਉਹ ਅਮਰੀਕਾ ਜਾਣ ਦੇ ਯੋਗ ਹੈ| ਸ਼ਾਦੀ ’ਚ ਦਲੇਰ ਸਿੰਘ ਨੇ ਵਿਚੋਲੇ ਦੀ ਭੂਮਿਕਾ ਨਿਭਾਈ ਸੀ|

ਜਿਵੇਂ ਹੀ ਸ਼ਾਦੀ ਤੋਂ ਬਾਅਦ ਲਵਦੀਪ ਸਿੰਘ ਸੱਟਡੀ ਬੇਸ ’ਤੇ ਅਮਰੀਕਾ ਜਾਣ ਲਈ ਫਾਈਲ ਭਰਨੀ ਚਾਹੀ ਤਾਂ ਉਸ ਨੇ ਦੇਖਿਆ ਕਿ ਅਰਸ਼ਦੀਪ ਕੌਰ ਦੇ ਆਈਲੈਟਸ ’ਚੋਂ ਕੇਵਲ ਚਾਰ ਬੈਂਡ ਹੀ ਸਨ ਜਿਸ ਕਰਕੇ ਉਹ ਅਮਰੀਕਾ ਜਾਣ ਦੇ ਯੋਗ ਨਹੀਂ ਸੀ| ਲਵਦੀਪ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਨਾਲ 19.5 ਲੱਖ ਰੁਪਏ ਦੀ ਠੱਗੀ ਮਾਰੀ ਹੈ| ਇਸ ਮਾਮਲੇ ਦੀ ਮੁੱਢਲੀ ਜਾਂਚ ਜ਼ਿਲ੍ਹਾ ਪੁਲੀਸ ਦੇ ਐਂਟੀ ਫਰਾਡ ਸਟਾਫ਼ ਵੱਲੋਂ ਕੀਤੀ ਗਈ ਜਿਸ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ|