‘ਖ਼ਾਲਸਾ ਏਡ’ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਮਨੁੱਖਤਾ ਲਈ ਕੀਤਾ ਸ਼ਾਨਦਾਰ ਕੰਮ

ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸੰਸਦ ਮੈਂਬਰ ਟਿਮ ਉੱਪਲ ਵੱਲੋਂ ਸਿੱਖ ਚੈਰੀਟੇਬਲ ਸੰਸਥਾ ‘ਖਾਲਸਾ ਏਡ’ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸੰਸਦ ਮੈਂਬਰ ਟਿਮ ਉੱਪਲ ਵੱਲੋਂ ਆਪਣੇ ਸੋਸ਼ਲ ਮੀਡੀਆ ਖ਼ਾਤੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਸੰਸਦ ਮੈਂਬਰ ਟਿਮ ਉੱਪਲ ਨੇ ਇਸ ਨਾਮਜ਼ਦਗੀ ਲਈ ‘ਖਾਲਸਾ ਏਡ’ ਵੱਲੋਂ ਕੀਤੇ ਗਏ ਕੰਮਾਂ ਦੀ ਇਕ ਲਿਸਟ ਵੀ ਸਾਂਝੀ ਕੀਤੀ ਹੈ। ਇਸ ਲਿਸਟ ਵਿਚ ‘ਖਾਲਸਾ ਏਡ’ ਵੱਲੋਂ ਕੈਨੇਡਾ ਵਿਖੇ ਕੋਵਡ ਦੇ ਸਮੇਂ ਕੈਨੇਡੀਅਨ ਨਾਗਰਿਕਾਂ ਦੀ ਕੀਤੀ ਗਈ ਮਦਦ ਦਾ ਵੀ ਜ਼ਿਕਰ ਹੈ । ਟਿਮ ਉੱਪਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਵੱਲੋਂ ਵੀ ਹਿਮਾਇਤ ਦਿੱਤੀ ਗਈ ਹੈ। ਟਿਮ ਉੱਪਲ ਦੇ ਇਸ ਟਵੀਟ ‘ਤੇ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ (ਰਵੀ ਸਿੰਘ) ਨੇ ਰੀ ਟਵੀਟ ਕੀਤਾ ਹੈ ਤੇ ਨਾਮਜ਼ਦਗੀ ਲਈ ਧੰਨਵਾਦ ਕੀਤਾ ਹੈ।


‘ਖ਼ਾਲਸਾ ਏਡ’ ਨੇ ਇਸ ‘ਇਤਿਹਾਸਕ ਵੱਕਾਰੀ ਨਾਮਜ਼ਦਗੀ’ ਲਈ ਆਪਣੇ ਅਦਭੁਤ ਟੀਮ ਮੈਂਬਰਾਂ ਤੇ ਵਲੰਟੀਅਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਇਸ ਸੰਗਠਨ ਨੇ ਕਿਹਾ ਹੈ ਕਿ ਗੁਰਬਾਣੀ ’ਚ ਦਰਜ ‘ਮਾਨਸ ਕੀ ਜਾਤ ਸਬੈ ਏਕੈ ਪਹਿਚਨਾਬੋ’ ਦੇ ਵਾਕ ਅਨੁਸਾਰ ‘ਖ਼ਾਲਸਾ ਏਡ’ ਦੁਨੀਆ ਦੀ ਪਹਿਲੀ ਅਜਿਹੀ ਜਥੇਬੰਦੀ ਹੈ, ਜਿਹੜੀ ਹੋਰਨਾਂ ਦੇਸ਼ਾਂ ਵਿੱਚ ਇਨਸਾਨੀਅਤ ਦੇ ਆਧਾਰ ਉੱਤੇ ਰਾਹਤ ਪਹੁੰਚਾਉਂਦੀ ਹੈ।


ਦੱਸ ਦਈਏ ਕਿ ‘ਖ਼ਾਲਸਾ ਏਡ’ ਦੀ ਸਥਾਪਨਾ ਰਵਿੰਦਰ (ਰਵੀ) ਸਿੰਘ ਨੇ 1999 ’ਚ ਕੋਸੋਵੋ ’ਚ ਸ਼ਰਨਾਰਥੀਆਂ ਦਾ ਹਾਲ ਵੇਖ ਕੇ ਕੀਤੀ ਸੀ। ਪਿਛਲੇ 20 ਸਾਲਾਂ ਤੋਂ ਮਾਨਵਤਾ ਦੀ ਭਲਾਈ ਲਈ ਸੇਵਾ ਕਰ ਰਹੀ ਹੈ। ਇਸ ਜੱਥੇਬੰਦੀ ਦੇ ਵਲੰਟੀਅਰਾਂ ਨੇ ਹੁਣ ਤੱਕ ਵਿਸ਼ਵ ’ਚ ਕਰੋੜਾਂ ਲੋਕਾਂ ਦੀ ਮਦਦ ਕੀਤੀ ਹੈ।