WhatsApp ਦੀ ਹੋਏਗੀ ਛੁੱਟੀ! ਹੁਣ ਭਾਰਤ ‘ਚ ਚੱਲ਼ੇਗਾ ਸਰਕਾਰੀ ਐਪ Sandes, ਜਾਣੋ ਸਾਰੇ ਵੇਰਵੇ

ਨਵੀਂ ਦਿੱਲੀ: WhatsApp ਤੇ ਦੂਜੇ ਇੰਸਟੈਂਟ ਮੈਸੇਜਿੰਗ ਐਪ ਦੇ ਵਿਕਲਪ ਵਜੋਂ ਸਰਕਾਰ ਨੇ Sandes ਐਪ ਡਿਵੈਲਪ ਕੀਤੀ ਹੈ। ਇਸ ਨੂੰ ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ (NIC) ਨੇ ਲਾਂਚ ਕੀਤਾ ਹੈ। ਇਹ ਨਵਾਂ ਪਲੇਟਫ਼ਾਰਮ ਮੌਜੂਦਾ ਸਰਕਾਰੀ ਇੰਸਟੈਂਟ ਮੈਸੇਜਿੰਗ ਸਿਸਟਮ (GIMS) ਦਾ ਅਪਗ੍ਰੇਡਡ ਵਰਜ਼ਨ ਹੈ, ਜੋ ਸਰਕਾਰੀ ਅਧਿਕਾਰੀਆਂ ਨੂੰ ਵ੍ਹਟਸਐਪ ਜਿਹੀ ਐਪ ਦੀ ਸੇਵਾ ਦੇਣ ਲਈ ਵਿਕਸਤ ਕੀਤਾ ਗਿਆ ਸੀ।

Sandes ਐਪ ਦੀ ਵਰਤੋਂ ਸਰਕਾਰੀ ਅਧਿਕਾਰੀ ਤੇ ਆਮ ਯੂਜ਼ਰ ਦੋਵੇਂ ਹੀ ਕਰ ਸਕਦੇ ਹਨ। ਇਸ ਵਿੱਚ ਸਾਈਨ ਅੱਪ ਲਈ ਮੋਬਾਇਲ ਨੰਬਰ ਜਾਂ ਸਰਕਾਰੀ ਈਮੇਲ ਆਈਡੀ ਦੀ ਜ਼ਰੂਰਤ ਹੁੰਦੀ ਹੈ। ਇੱਕ ਵਾਰ ਸਾਈਨ ਅੱਪ ਕਰਨ ਤੋਂ ਬਾਅਦ ਯੂਜ਼ਰ ਮੈਸੇਜ ਭੇਜ ਸਕਦੇ ਹਨ ਤੇ ਹਾਸਲ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਮਲਟੀਮੀਡੀਆ ਕੰਟੈਂਟ ਵੀ ਭੇਜਿਆ ਜਾ ਸਕਦਾ ਹੈ।

ਤੁਹਾਨੂੰ ਮੋਬਾਈਲ ਉੱਤੇ ਸਰਕਾਰ ਦੇ GIMS ਪੋਰਟਲ ਰਾਹੀਂ Sandes ਐਪ ਡਾਊਨਲੋਡ ਕਰਨੀ ਹੋਵੇਗੀ। ਐਂਡ੍ਰਾਇਡ 5.0 ਅਤੇ ਉਸ ਤੋਂ ਬਾਅਦ ਦੇ ਵਰਜ਼ਨ ਉੱਤੇ ਇਹ ਚੱਲ ਸਕੇਗਾ। IOS ਯੂਜ਼ਰਜ਼ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।


ਡਾਊਨਲੋਡ ਤੋਂ ਬਾਅਦ ਤੁਸੀਂ ਆਪਣੇ ਮੋਬਾਇਲ ਨੰਬਰ ਜਾਂ ਈਮੇਲ ਆਈਡੀ ਦੀ ਵਰਤੋਂ ਕਰ ਕੇ ਇਹ ਐਪ ਸਾਈਨ ਅੱਪ ਕਰ ਸਕਦੇ ਹੋ। ਐਪਲੀਕੇਸ਼ਨ ਤੁਹਾਨੂੰ ਪ੍ਰਮਾਣਿਕਤਾ ਲਈ ਛੇ ਅੰਕਾਂ ਦਾ OTP ਭੇਜੇਗੀ। ਈਮੇਲ ਆਈਡੀ ਕੇਵਲ ਸਰਕਾਰੀ ਆਈਡੀ ਤੱਕ ਹੀ ਸੀਮਤ ਹੈ।

Sandes ’ਚ ਈਮੇਲ ਆਈਡੀ ਸਮੇਤ ਦੂਜੀਆਂ ਚੀਜ਼ਾਂ ਉੱਤੇ ਚੈਟ ਬੈਕਅਪ ਭੇਜਣ ਦਾ ਵਿਕਲਪ ਹੈ। ਜਦ ਕਿ ਵ੍ਹਟਸਐਪ ਵਿੱਚ ਐਂਡ੍ਰਾਇਡ ਯੂਜ਼ਰ ਸਿਰਫ਼ ਗੂਗਲ ਡ੍ਰਾਈਵ ਉੱਤੇ ਆਪਣੀ ਚੈਟ ਦਾ ਬੈਕਅਪ ਲੈ ਸਕਦੇ ਹਨ। ਆਈਫ਼ੋਨ ਯੂਜ਼ਰ iCloud ਉੱਤੇ ਬੈਕਅੱਪ ਲੈ ਸਕਦੇ ਹਨ।

Sandes ਐਪ ਉੱਤੇ ਇੱਕ ਵਾਰ ਸਾਈਨ ਅੱਪ ਕਰਨ ਤੋਂ ਬਾਅਦ ਯੂਜ਼ਰ ਆਪਣਾ ਮੋਬਾਇਲ ਨੰਬਰ ਜਾਂ ਈਮੇਲ ਆਈਡੀ ਬਦਲ ਨਹੀਂ ਸਕਦਾ।