ਦੀਪ ਸਿੱਧੂ ਦਾ ਖਾਸ ਦੋਸਤ , ਦੀਪ ਨੂੰ ਮਿਲਕੇ ਆਇਆ ਜੇ ਲ੍ਹ ਵਿੱਚ

ਕਿਸਾਨੀ ਸੰਘਰਸ਼ ਦੇ ਆਰੰਭ ਵਿੱਚ ਹੀ ਬਾਲੀਵੁੱਡ ਨੂੰ ਛੱਡ ਪੰਜਾਬ ਆਏ ਸੰਦੀਪ ਸਿੰਘ (ਦੀਪ ਸਿੱਧੂ) ਦਾ ਨਾਮ ਹਰ ਜ਼ੁਬਾਨ ਉੱਪਰ ਆ ਗਿਆ ਸੀ। ਪੇਸ਼ੇ ਤੋਂ ਵਕੀਲ ਅਤੇ ਵਧੀਆ ਸਿੱਖਿਆ ਅਦਾਰਿਆਂ ਵਿੱਚੋਂ ਤਾਲੀਮ ਯਾਫ਼ਤਾ ਹੋਣ ਕਰਕੇ ਉਸ ਦਾ ਗੱਲ ਕਹਿਣ ਦਾ ਢੰਗ, ਪੇਸ਼ਕਾਰੀ ਅਤੇ ਮੁਹਾਵਰਾ ਹਰੇਕ ਨੂੰ ਮੋਹਣ ਵਾਲਾ ਸੀ। ਆਰੰਭ ਦੇ ਵਿੱਚ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਜੋ ਕਿਸੇ ਨਾ ਕਿਸੇ ਖੇਤਰ ਵਿੱਚ ਪਹਿਲਾਂ ਵੀ ਸਰਗਰਮ ਸਨ ਉਸ ਨਾਲ ਜੁੜੇ ਅਤੇ ਉਸ ਦਾ ਕਾਫ਼ਲਾ ਵੱਡਾ ਹੁੰਦਾ ਗਿਆ। ਬਹੁਤੇ ਸਰਗਰਮ ਨੌਜਵਾਨ ਉਸ ਨਾਲ ਇਸ ਆਸ ਨਾਲ ਜੁੜੇ ਕਿ ਉਹ ਸਾਡਾ ਪਿਛਲੱਗ ਬਣੇਗਾ ਪਰ ਉਹ ਅਜਿਹਾ ਲੰਬੀ ਦੋੜ ਦਾ ਘੋੜਾ ਸੀ ਜਿਸ ਨੂੰ ਸਵਾਰੀ ਲਈ ਨਹੀਂ ਸ਼ਿੰਗਾਰਿਆ ਜਾ ਸਕਦਾ ਸੀ ਬੱਸ ਜਾਂ ਨਾਲ ਤੁਰਿਆ ਜਾ ਸਕਦਾ ਸੀ ਅਤੇ ਜਾਂ ਪਿੱਛੇ। ਹੌਲੀ ਹੌਲੀ ਉਸ ਦੀ ਸਵਾਰੀ ਬਣਾਉਣ ਵਾਲੇ ਸਵਾਰਥੀ ਲੋਕ ਉਸ ਦਾ ਸਾਥ ਛੱਡਦੇ ਗਏ। ਉਸ ਦੀ ਹਾਜ਼ਰ-ਜਵਾਬੀ ਅਤੇ ਗੱਲਬਾਤ ਦੀ ਕਲਾ ਤੋਂ ਹਰ ਕੋਈ ਮੁਤਾਸਰ ਹੋ ਜਾਂਦਾ ਹੈ।

ਪੱਤਰਕਾਰਾਂ ਦੇ ਹਰ ਸਵਾਲ ਦਾ ਜਵਾਬ ਜਿਸ ਤਰ੍ਹਾਂ ਸਹਿਜ ਅਤੇ ਬੇਬਾਕੀ ਨਾਲ ਉਹ ਦਿੰਦਾਂ ਹੈ ਉਸ ਨਾਲ ਪ੍ਰੈਸ ਮਿਲਣੀ ਵਿੱਚ ਬੈਠੇ ਬਾਕੀ ਲੋਕ ਆਪਣੇ ਆਪ ਨੂੰ ਬੌਣਾ ਮਹਿਸੂਸ ਕਰਦੇ ਹਨ।ਕਿਸਾਨ ਸੰਘਰਸ਼ ਦੌਰਾਨ ਆਰੰਭ ਵਿੱਚ ਹੀ ਕਿਸਾਨ ਆਗੂਆਂ ਨਾਲ ਇਕੱਠੀ ਹੋਈ ਪ੍ਰੈਸ ਮਿਲਣੀ ਵਿੱਚ ਬਹੁਤੇ ਕਿਸਾਨ ਆਗੂ ਭਾਂਪ ਗਏ ਸਨ ਕਿ ਇਸ ਨੂੰ ਆਪਣੇ ਨਾਲ ਰੱਖਣਾ ਅੱਗ ਦੇ ਨਾਲ ਖੇਡਣ ਸਮਾਨ ਹੈ

ਦੀਪ ਕਿਸਾਨ ਆਗੂਆਂ ਦੇ ਪਹਿਲੇ ਸੰਘਰਸ਼ਾਂ ਦੇ ਤਜਰਬਿਆਂ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਚੁੱਕਾ ਸੀ ਅਤੇ ਕਿਸਾਨ ਆਗੂ ਵੀ ਜਾਣ ਗਏ ਸਨ ਕਿ ਜੇਕਰ ਦੀਪ ਸਿੱਧੂ ਨੂੰ ਨਾਲ ਰੱਖਿਆ ਤਾਂ ਇਸ ਨੇ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਵਾਲਾ ਸਮਝੌਤਾ ਸਿਰੇ ਨਹੀਂ ਚੜ੍ਹਨ ਦੇਣਾ। ਜਲਦੀ ਹੀ ਦੀਪ ਸਿੱਧੂ ਵੀ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਗਿਆ ਅਤੇ ਉਸ ਦੇ ਬਿਆਨ ਵਿਚਲੀ ਸੱਚਾਈ ਨੇ ਕਈਆਂ ਦੇ ਚਿਹਰਿਆਂ ਦੀ ਰੌਣਕ ਖੋਹ ਲਈ। ਉਸ ਨੇ ਪ੍ਰੈਸ ਦੇ ਸਾਹਮਣੇ ਜਿਥੇ ਪੰਜਾਬ ਦੀ ਖੁਦਮੁਖਤਿਆਰੀ ਦੀ ਵਕਾਲਤ ਬਹੁਤ ਹੀ ਵਧੀਆਂ ਢੰਗ ਨਾਲ ਕੀਤੀ ਉੱਥੇ ਨਾਲ ਹੀ ਆਗੂਆਂ ਦੇ ਅਤੀਤ ਬਾਰੇ ਕਹਿ ਦਿੱਤਾ ਕਿ ਹੁਣ ਮੇਜ਼ ਉੱਪਰ ਰੱਸਗੁੱਲੇ ਰੱਖ ਕੇ ਸਮਝੌਤਾ ਨਹੀਂ ਕਰਨ ਦੇਣਾ। ਉਸ ਦੇ ਇਸ ਬਿਆਨ ਨਾਲ ਆਗੂ ਪ੍ਰਨਾਲੀ ਨੇ ਉਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਦੀਪ ਸਿੱਧੂ ਨੇ ਇਕੱਲੇ ਨੇ ਹੀ ਸ਼ੰਭੂ ਬਾਰਡਰ ਉੱਪਰ ਮੋਰਚਾ ਗੱਡ ਦਿੱਤਾ। ਬੇਸ਼ਕ ਕਿ ਕਿਸਾਨ ਆਗੂ ਵੀ ਸਾਰੇ ਪੰਜਾਬ ਵਿੱਚ ਵੱਖਰੇ ਵੱਖਰੇ ਪ੍ਰੋਗ੍ਰਾਮ ਕਰਦੇ ਰਹੇ ਪਰ ਦੀਪ ਸਿੱਧੂ ਵਲੋਂ ਲਗਾਏ ਸ਼ੰਭੂ ਮੋਰਚੇ ਨੇ ਪੰਜਾਬ ਦੇ ਹਰ ਨੌਜਵਾਨ ਅੰਦਰ ਹੋਂਦ ਦੀ ਜੰਗ ਦਾ ਮੁਹਾਵਰਾ ਸਿਰਜ ਦਿੱਤਾ। ਪੰਜਾਬ ਦੀਆਂ ਹੱਕੀ ਮੰਗਾਂ, ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਬਾਰੇ ਪੜ੍ਹਨ ਅਤੇ ਸਮਝਣ ਦੀ ਰੁੱਚੀ ਪੰਜਾਬ ਵਿੱਚ ਦੁਬਾਰਾ ਪਨਪੀ।