ਦੀਪ ਸਿੱਧੂ ਦਾ ਦਿੱਲੀ ਜਾਣ ਤੋਂ ਪਹਿਲਾਂ ਦਾ ਸੱਚ ਆਇਆ ਸਾਹਮਣੇ

ਦੀਪ ਕਿਸਾਨ ਆਗੂਆਂ ਦੇ ਪਹਿਲੇ ਸੰਘਰਸ਼ਾਂ ਦੇ ਤਜਰਬਿਆਂ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਚੁੱਕਾ ਸੀ ਅਤੇ ਕਿਸਾਨ ਆਗੂ ਵੀ ਜਾਣ ਗਏ ਸਨ ਕਿ ਜੇਕਰ ਦੀਪ ਸਿੱਧੂ ਨੂੰ ਨਾਲ ਰੱਖਿਆ ਤਾਂ ਇਸ ਨੇ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਵਾਲਾ ਸਮਝੌਤਾ ਸਿਰੇ ਨਹੀਂ ਚੜ੍ਹਨ ਦੇਣਾ। ਜਲਦੀ ਹੀ ਦੀਪ ਸਿੱਧੂ ਵੀ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਗਿਆ ਅਤੇ ਉਸ ਦੇ ਬਿਆਨ ਵਿਚਲੀ ਸੱਚਾਈ ਨੇ ਕਈਆਂ ਦੇ ਚਿਹਰਿਆਂ ਦੀ ਰੌਣਕ ਖੋਹ ਲਈ। ਉਸ ਨੇ ਪ੍ਰੈਸ ਦੇ ਸਾਹਮਣੇ ਜਿਥੇ ਪੰਜਾਬ ਦੀ ਖੁਦਮੁਖਤਿਆਰੀ ਦੀ ਵਕਾਲਤ ਬਹੁਤ ਹੀ ਵਧੀਆਂ ਢੰਗ ਨਾਲ ਕੀਤੀ ਉੱਥੇ ਨਾਲ ਹੀ ਆਗੂਆਂ ਦੇ ਅਤੀਤ ਬਾਰੇ ਕਹਿ ਦਿੱਤਾ ਕਿ ਹੁਣ ਮੇਜ਼ ਉੱਪਰ ਰੱਸਗੁੱਲੇ ਰੱਖ ਕੇ ਸਮਝੌਤਾ ਨਹੀਂ ਕਰਨ ਦੇਣਾ। ਉਸ ਦੇ ਇਸ ਬਿਆਨ ਨਾਲ ਆਗੂ ਪ੍ਰਨਾਲੀ ਨੇ ਉਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਦੀਪ ਸਿੱਧੂ ਨੇ ਇਕੱਲੇ ਨੇ ਹੀ ਸ਼ੰਭੂ ਬਾਰਡਰ ਉੱਪਰ ਮੋਰਚਾ ਗੱਡ ਦਿੱਤਾ। ਬੇਸ਼ਕ ਕਿ ਕਿਸਾਨ ਆਗੂ ਵੀ ਸਾਰੇ ਪੰਜਾਬ ਵਿੱਚ ਵੱਖਰੇ ਵੱਖਰੇ ਪ੍ਰੋਗ੍ਰਾਮ ਕਰਦੇ ਰਹੇ ਪਰ ਦੀਪ ਸਿੱਧੂ ਵਲੋਂ ਲਗਾਏ ਸ਼ੰਭੂ ਮੋਰਚੇ ਨੇ ਪੰਜਾਬ ਦੇ ਹਰ ਨੌਜਵਾਨ ਅੰਦਰ ਹੋਂਦ ਦੀ ਜੰਗ ਦਾ ਮੁਹਾਵਰਾ ਸਿਰਜ ਦਿੱਤਾ। ਪੰਜਾਬ ਦੀਆਂ ਹੱਕੀ ਮੰਗਾਂ, ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਬਾਰੇ ਪੜ੍ਹਨ ਅਤੇ ਸਮਝਣ ਦੀ ਰੁੱਚੀ ਪੰਜਾਬ ਵਿੱਚ ਦੁਬਾਰਾ ਪਨਪੀ।
ਉਸ ਦੇ ਸ਼ੰਭੁ ਬਾਰਡਰ ਉੱਪਰ ਲਗਾਏ ਮੋਰਚੇ ਵਿੱਚ ਵੀ ਕੁਝ ਸਵਾਰਥੀ ਲੋਕ ਸ਼ਾਮਿਲ ਹੋਏ ਅਤੇ ਸਮੇਂ ਸਮੇਂ ਸਾਥ ਛੱਡ ਗਏ ਉਸ ਦਾ ਕਾਰਨ ਸੀ ਕਿ ਉਹ ਇਕ ਤਾਂ ਵਰਤਿਆ ਨਹੀਂ ਸੀ ਜਾਂਦਾ ਦੂਸਰਾ ਆਪਣੇ ਇਰਾਦੇ ਪ੍ਰਤੀ ਬਹੁਤ ਹੀ ਦ੍ਰਿੜ ਸੀ। ਕਈ ਲੋਕ ਇਸ ਕਰਕੇ ਜੁੜੇ ਸਨ ਕਿ ਉਸਨੂੰ ਪੌੜੀ ਬਣਾ ਕੇ ਰਾਜਨੀਤੀ ਦੀ ਗੱਦੀ ਹਾਸਲ ਕਰਨਾ ਚਾਹੁੰਦੇ ਸਨ ਪਰ ਉਹ ਉਸਦਾ ਨਿਸ਼ਾਨਾ ਨਹੀਂ ਸੀ। ਪੰਜਾਬ ਦੇ ਸੰਘਰਸ਼ ਅਤੇ ਸੰਤਾਪ ਦੀ ਉਸ ਦੇ ਮਨ ਉੱਪਰ ਗਹਿਰੀ ਛਾਪ ਹੈ ਅਤੇ ਪੰਜਾਬ ਦੀ ਜੁਝਾਰੂ ਬਿਰਤੀ ਉਸਦੀ ਰਗਾਂ ਵਿੱਚ ਲਹੂ ਬਣ ਗਰਦਿਸ਼ ਕਰਦੀ ਹੈ।

ਇਕ ਦਿਨ ਮੈਂ ਪੁੱਛ ਹੀ ਲਿਆ,” ਦੀਪ ਤੇਰਾ ਨਿਸ਼ਾਨਾ ਰਾਜਨੀਤੀ ਵਿੱਚ ਆਉਣਾ ਤਾਂ ਨਹੀਂ?”
ਤਾਂ ਉਹ ਬੋਲਿਆਂ,” ਬਾਈ ਜੀ, ਦਿਉਲ ਪਰਿਵਾਰ ਅਤੇ ਹੋਰ ਕਈ ਰਾਜਨੀਤਕ ਵਿਅਕਤੀਆਂ ਨਾਲ ਮੇਰੇ ਚੰਗੇ ਸੰਬੰਧ ਰਹੇ ਨੇ… ਸਹਾਰਾ ਵਰਗੀਆਂ ਕੰਪਨੀਆਂ ਤੋਂ ਲੈ ਕੇ ਕਈ ਵੱਡੀਆਂ ਸਨਅੱਤਾਂ ਅਤੇ ਘਰਾਣਿਆਂ ਦਾ ਕਾਨੂੰਨੀ ਸਲਾਹਕਾਰ ਰਿਹਾ ਹਾਂ… ਜੇ ਰਾਜਨੀਤੀ ਵਿੱਚ ਹੀ ਆਉਣਾ ਹੁੰਦਾ ਤਾਂ ਸਿੱਧਾ ਹੀ ਕੇਂਦਰ ਵਿੱਚ ਕੋਈ ਰਾਜਨੀਤਕ ਅਹੁਦਾ ਲੈ ਸਕਦਾ ਸੀ… ਜੇ (ਇਕ ਗਾਇਕ ਦਾ ਨਾਮ ਲੈ ਕੇ)… ਵਰਗੇ ਵਿਧਾਇਕ ਬਣਾਏ ਜਾਂ ਸਕਦੇ ਤਾਂ ਮੈਂ ਤਾਂ ਫਿਰ ਵੀ ਕੁਝ ਅਹਿਮ ਸੀ।”