ਜਦੋਂ ਅਜੇ ਦੇਵਗਨ ਦੀ ਗੱਡੀ ਰੋਕ ਨਿਹੰਗ ਸਿੰਘ ਨੇ ਸੁਣਾਈਆਂ ਖਰੀਆਂ-ਖਰੀਆਂ, ਵੇਖੋ ਵੀਡੀਓ

‘ਦਸਤਾਰ ਸਜਾ ਕੇ ਫਿਲਮਾਂ ਤਾਂ ਕਰਦੇ ਹੋ, ਪੈਸੇ ਕਮਾਉਂਦੇ ਹੋ ਪਰ ਕਿਸਾਨਾਂ ਦੇ ਹੱਕ ‘ਚ ਚੁੱਪ ਕਿਉਂ’- ਨਿਹੰਗ ਸਿੰਘ ਨੇ Ajay Devgan ਨੇ ਘੇਰ ਕੇ ਪਾਈਆਂ ਲਾਹਨਤਾਂ

ਮੁੰਬਈ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਜਿੱਥੈ ਹਾਲੀਵੁੱਡ ਤੋਂ ਲੈ ਕੇ ਪੰਜਾਬੀ ਸਿਤਾਰੇ ਇਸ ਅੰਦੋਲਨ ਵਿਚ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਉਥੇ ਹੀ ਕੁੱਝ ਬਾਲੀਵੁੱਡ ਸਿਤਾਰਿਆਂ ਨੇ ਅਜੇ ਵੀ ਇਸ ਮੁੱਦੇ ’ਤੇ ਚੁੱਪੀ ਧਾਰੀ ਹੋਈ ਹੈ।

ਬਾਲੀਵੁੱਡ ਸਿਤਾਰਿਆਂ ਦੇ ਇਸ ਰਵੱਈਏ ਕਾਰਨ ਕਿਸਾਨਾਂ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ। ਜਿੱਥੇ ਬੀਤੇ ਦਿਨੀਂ ਕਿਸਾਨਾਂ ਨੇ ਜਾਨਵੀ ਕਪੂਰ ਅਤੇ ਬੌਬੀ ਦਿਓਲ ਨੂੰ ਪੰਜਾਬ ਵਿਚ ਸ਼ੂਟਿੰਗ ਕਰਨ ਤੋਂ ਰੋਕਿਆ, ਉਥੇ ਹੀ ਹੁਣ ਬਾਲੀਵੁੱਡ ਦੇ ਸਿੰਘਮ ਯਾਨੀ ਅਜੇ ਦੇਵਗਨ ਵੀ ਕਿਸਾਨਾਂ ’ਤੇ ਨਿਸ਼ਾਨੇ ’ਤੇ ਆ ਗਏ।

ਹਾਲ ਹੀ ਵਿਚ ਅਜੇ ਦੇਵਗਨ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਇਕ ਨਿਹੰਗ ਸਿੰਘ ਅਜੇ ਦੇਵਗਨ ਦੀ ਗੱਡੀ ਨੂੰ ਰੋਕ ਕੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਰਿਹਾ ਹੈ। ਵੀਡੀਓ ਵਿਚ ਸਿੰਘ ਕਹਿੰਦਾ ਹੈ, ‘ਦੇਖੋ ਇਹ ਹੈ ਅਜੇ ਦੇਵਗਨ, ਜਿਸ ਪੰਜਾਬ ਖ਼ਿਲਾਫ਼ ਤੁਸੀਂ ਬੋਲਦੇ ਹੋ, ਤੁਹਾਨੂੰ ਉਥੋਂ ਦੀ ਰੋਟੀ ਕਿਵੇਂ ਪੱਚ ਜਾਂਦੀ ਹੈ। ਤੁਸੀਂ ਆਪਣੀਆਂ ਫ਼ਿਲਮਾਂ ਵਿਚ ਪੱਗ ਬੰਨ ਲੈਂਦੇ ਹੋ ਪਰ ਹੁਣ ਕਿਸਾਨਾਂ ਦੇ ਹੱਕ ਵਿਚ ਕੁੱਝ ਨਹੀਂ ਬੋਲ ਰਹੇ ਹੋ ਕਿਉਂ?’ ਤੁਸੀਂ ਅਸਲੀ ਨਹੀਂ ਨਕਲੀ ਪੰਜਾਬੀ ਹੋ।’

ਉਥੇ ਹੀ ਅਜੇ ਦੇਵਗਨ ਗੱਡੀ ਵਿਚ ਬੈਠ ਕੇ ਨਿਹੰਗ ਸਿੰਘ ਨੂੰ ਪਿੱਛੇ ਹਟਣ ਲਈ ਕਹਿ ਰਹੇ ਹਨ ਪਰ ਸਿੰਘ ਲਗਾਤਾਰ ਅਜੇ ਦੇਵਗਨ ਨੂੰ ਖਰੀਆਂ-ਖਰੀਆਂ ਸੁਣਾਉਂਦਾ ਏ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।